ਮੁਹਾਲੀ ਵਿਖੇ ਤਿੰਨ ਰੋਜਾ ’20ਵੀਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪਿਅਨਸ਼ਿਪ’ ਸੰਪੰਨ।
ਮਹਿਲਾ ਵਰਗ ਵਿੱਚੋਂ ਪਟਿਆਲਾ ਦੀ ਟੀਮ ਨੇ ਬਰਨਾਲਾ ਨੂੰ ਹਰਾ ਕੇ ਸੋਨ ਮੈਡਲ ਹਾਸਲ ਕੀਤਾ ਜਦੋਂਕਿ ਪੁਰਸ਼ ਵਰਗ ਵਿੱਚੋਂ ਲੁਧਿਆਣਾ ਦੀ ਟੀਮ ਨੇ ਫਾਜਿਲਕਾ ਨੂੰ ਹਰਾਕੇ ਸੋਨ ਮੈਡਲ ਹਾਸਲ ਕੀਤਾ।
ਮੋਹਾਲੀ (ਪੱਤਰ ਪ੍ਰੇਰਕ) 7 ਸਤੰਬਰ 2023
ਐਸ.ਏ.ਐਸ. ਨਗਰ ਮੋਹਾਲੀ ਦੇ ਰਆਤ-ਬਾਹਰਾ ਯੂਨੀਵਰਸਟੀ ਦੇ ਨੈਟਬਾਲ ਖੇਡ ਮੈਦਾਨ ਵਿਖੇ 4 ਸਤੰਬਰ ਤੋਂ 6 ਸਤੰਬਰ 2023 ਨੂੰ ’20ਵੀਂ ਸੀਨੀਅਰ ਪੰਜਾਬ ਸਟੇਟ ਨੈਟਬਾਲ ਚੈਂਪਿਅਨਸ਼ਿਪ (ਮਹਿਲਾ/ਪੁਰਸ਼) 2023-24′ ਸ਼ਾਨਦਾਰ ਢੰਗ ਨਾਲ ਸੰਪੰਨ ਹੋਈ। ਜਿਸ ਦੌਰਾਨ ਸੂਬੇ ਭਰ ਦੇ ਵੱਖ ਵੱਖ ਜਿਲਿਆਂ ਤੋਂ ਮਹਿਲਾ ਅਤੇ ਪੁਰਸ਼ ਵਰਗ ਦੀਆਂ ਟੀਮਾਂ ਨੇ ਪ੍ਰਦਰਸ਼ਨ ਕੀਤਾ। ਜਿਕਰਯੋਗ ਹੈ ਕਿ ਇਸ ਮੌਕੇ ਰਾਸ਼ਟਰੀ ਖੇਡ ਸੰਸਥਾ ‘ਨੈਟਬਾਲ ਫੈਡਰੇਸ਼ਨ ਆਫ ਇੰਡੀਆ’ ਵੱਲੋਂ ਤੈਨਾਤ ਕੀਤੇ ਸ. ਹਰਪਾਲ ਸਿੰਘ ਸਹੋਤਾ ਬਤੌਰ ਆਬਜਰਵਰ ਪੁੱਜੇ। ਫਾਈਨਲ ਮੈਚ ਮਹਿਲਾ ਵਰਗ ਵਿੱਚ ਪਟਿਆਲਾ ਅਤੇ ਬਰਨਾਲਾ ਵਿਚਕਾਰ ਹੋਇਆ, ਜਦਕਿ ਪੁਰਸ਼ ਵਰਗ ਵਿੱਚ ਲੁਧਿਆਣਾ ਤੇ ਫਾਜਿਲਕਾ ਵਿਚਕਾਰ ਹੋਇਆ। ਜਿਸ ਦੌਰਾਨ ਮਹਿਲਾ ਵਰਗ ਵਿੱਚੋਂ ਪਟਿਆਲਾ ਦੀ ਟੀਮ ਅਤੇ ਪੁਰਸ਼ ਵਰਗ ਵਿੱਚ ਲੁਧਿਆਣਾ ਦੀ ਟੀਮ ਸਰਵੋਤਮ ਰਹੀਆਂ।
ਆਬਜਰਵਰ ਦੀ ਨਿਗਰਾਨੀ ਹੇਠ ਹੋਈ ਚੈਂਪਿਅਨਸ਼ਿਪ:
ਚੈਂਪਿਅਨਸ਼ਿਪ ਦਾ ਆਯੋਜਨ ‘ਨੈਟਬਾਲ ਪ੍ਰੋਮੋਸ਼ਨ ਐਸੋਸਿਏਸ਼ਨ ਐਸ.ਏ.ਐਸ. ਨਗਰ ਮੋਹਾਲੀ ਵੱਲੋਂ ਕੀਤਾ ਗਿਆ। ਜੋ ਕਿ ਸੂਬੇ ਦੀ ਸੰਸਥਾ ‘ਨੈਟਬਾਲ ਪ੍ਰਮੋਸ਼ਨ ਐਸੋਸਿਏਸ਼ਨ ਰਜਿ ਪੰਜਾਬ’ ਤੋਂ ਮਾਨਤਾ ਪ੍ਰਾਪਤ ਹੈ ਅਤੇ ਸੂਬਾਈ ਸੰਸਥਾ, ਰਾਸ਼ਟਰੀ ਖੇਡ ਸੰਸਥਾ ਨੈਟਬਾਲ ਫੈਡਰੇਸ਼ਨ ਆਫ ਇੰਡੀਆ-‘ਐਨਐਫਆਈ’, ਜੋ ਕਿ ‘ਅੰਤਰਰਾਸ਼ਟਰੀ ਨੈਟਬਾਲ ਸੰਘ’, ‘ਏਸ਼ਿਅਨ ਨੈਟਬਾਲ ਸੰਘ’, ‘ਭਾਰਤੀ ਓਲੰਪਿਕ ਐਸੋਸਿਏਸ਼ਨ’ ਅਤੇ ‘ਯੁਵਕ ਸੇਵਾਵਾਂ ਤੇ ਖੇਡ ਮੰਤਰਾਲਾ ਭਾਰਤ ਸਰਕਾਰ’ ਤੋਂ ਮਾਨਤਾ ਪ੍ਰਾਪਤ ਹੈ। ਦੱਸਣਯੋਗ ਹੈ ਕਿ ਆਯੋਜਿਤ ਹੋਈ ਚੈਂਪਿਅਨਸ਼ਿਪ ‘ਚ ਭਾਗ ਲੈਣ ਲਈ ਫਾਜਿਲਕਾ, ਐਸ.ਏ.ਐਸ. ਨਗਰ ਮੋਹਾਲੀ, ਹੁਸ਼ਿਆਰਪੁਰ, ਸੰਗਰੂਰ, ਬਰਨਾਲਾ, ਮਾਨਸਾ, ਮੋਗਾ, ਬਠਿੰਡਾ, ਮੁਕਤਸਰ, ਤਰਨਤਾਰਨ, ਪਟਿਆਲਾ, ਮਲੇਰਕੋਟਲਾ, ਫਤਿਹਗੜ, ਫਿਰੋਜਪੁਰ ਅਤੇ ਲੁਧਿਆਣਾ, ਗੁਰਦਾਸਪੁਰ, ਕਪੂਰਥਲਾ ਤੋਂ ਮਹਿਲਾ ਅਤੇ ਪੁਰਸ਼ ਵਰਗ ਦੇ 2 ਸੌ ਤੋਂ ਵੱਧ ਖਿਡਾਰੀ ਅਤੇ ਕਰੀਬ 50 ਮੈਨੇਜਰ ਅਤੇ ਪ੍ਰਬੰਧਕ ਪੁੱਜੇ | ਜਿੰਨਾਂ ਲਈ ਰਾਸ਼ਟਰੀ ਖੇਡ ਸੰਸਥਾ ਭਾਰਤੀ ਨੈਟਬਾਲ ਸੰਘ (ਐਨਐਫਆਈ) ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਚੈੰਪੀਅਨਸ਼ਿਪ ਮੈਦਾਨ ਵਿਖੇ ਹੀ ਜਿੱਥੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ, ਉੱਥੇ ਨਾਲ ਹੀ ਖਿਡਾਰੀਆਂ ਲਈ ਸਿਹਤ ਸੇਵਾਵਾਂ, ਰਿਫਰੈਸ਼ਮੈਂਟ ਆਦੀ ਵਿਸ਼ੇਸ਼ ਪ੍ਰਬੰਧ ਕੀਤੇ ਗਏ
ਸਾਬਕਾ ਡੀਜੀਪੀ ਨੇ ਭੇਜੀਆਂ ਵਧਾਈਆਂ:
ਸਾਬਕਾ ਡੀਜੀਪੀ ਸ. ਮਹਿਲ ਸਿੰਘ ਭੁੱਲਰ, ਜਿੰਨਾਂ ਨੇ ਆਪਣੇ ਕਾਰਜਕਾਲ ਦੌਰਾਨ ਸੂਬੇ ਭਰ ਦੀਆਂ ਖੇਡਾਂ ਨੂੰ ਸਭ ਤੋਂ ਵੱਧ ਪ੍ਰੋਮੋਟ ਕੀਤਾ। ਉਹਨਾਂ ਨੇ ਮੁਹਾਲੀ ਵਿਖੇ ਆਯੋਜਿਤ ਹੋਈ ਸੂਬਾਈ ਨੈਟਬਾਲ ਚੈਂਪਿਅਨਸ਼ਿਪ ਵਿੱਚ ਭਾਗ ਲੈਣ ਪੁੱਜੇ ਖਿਡਾਰੀਆਂ ਅਤੇ ਪ੍ਰਬੰਧਕਾਂ ਨੂੰ ਫੋਨ ਤੇ ਵਧਾਈ ਦਿੱਤੀ। ਇਸ ਮੌਕੇ ਮੁੱਖ-ਮਹਿਮਾਨ ਦੇ ਤੌਰ ਤੇ ਪੁੱਜੇ ਰਆਤ-ਬਾਹਰਾ ਯੂਨੀਵਰਸਟੀ ਐਸ.ਏ.ਐਸ. ਨਗਰ ਮੋਹਾਲੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ, ਵਾਈਸ ਚਾਂਸਲਰ ਡਾ. ਪਰਵਿੰਦਰ ਸਿੰਘ, ਕਾਮਨਵੈਲਥ ਖਿਡਾਰਨ ਹਰਮਿੰਦਰ ਕੌਰ, ਬਾਸਕਟਬਾਲ ਦੇ ਅੰਤਰਰਾਸ਼ਟਰੀ ਖਿਡਾਰੀ ਦਿਲਾਵਰ ਸਿੰਘ, ਚੈਂਪਿਅਨਸ਼ਿਪ ਦੇ ਟੈਕਨੀਕਲ ਇੰਚਾਰਜ ਮੈਡਮ ਹਰਵਿੰਦਰ ਕੌਰ, ‘ਨੈਟਬਾਲ ਪ੍ਰਮੋਸ਼ਨ ਐਸੋਸਿਏਸ਼ਨ ਰਜਿ ਪੰਜਾਬ’ ਦੇ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ, ਸਮਾਜਸੇਵੀ ਹਰਸ਼ਵਰਧਨ ਨੇ ਚੈਂਪਿਅਨ ਟੀਮਾਂ ਨੂੰ ਟਰਾਫੀ ਦੇ ਕੇ ਅਤੇ ਪਹਿਲਾ, ਦੂਜਾ, ਤੀਜਾ/ਚੌਥਾ ਥਾਂ ਹਾਸਲ ਕਰਨ ਵਾਲੀਆਂ ਟੀਮਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ।
ਦੋਵੇਂ ਵਰਗਾਂ ਦੇ ਇਹ ਰਹੇ ਨਤੀਜੇ:
ਪੁਰਸ਼ ਵਰਗ:
ਗੋਲਡ ਮੈਡਲ : ਸਿਲਵਰ ਮੈਡਲ: ਬਰੌਂਜ ਮੈਡਲ
ਲੁਧਿਆਣਾ: ਫਾਜਿਲਕਾ: ਪਟਿਆਲਾ/ਤਰਨਤਾਰਨ।
ਮਹਿਲਾ ਵਰਗ:
ਗੋਲਡ ਮੈਡਲ : ਸਿਲਵਰ ਮੈਡਲ: ਬਰੌਂਜ ਮੈਡਲ
ਪਟਿਆਲਾ: ਬਰਨਾਲਾ: ਬਠਿੰਡਾ/ਫਤਿਹਗੜ ਸਾਹਿਬ।