ਪੀ.ਏ.ਯੂ. ਵਿੱਚ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਕਿਸਾਨਾਂ ਦੇ ਭਾਰੀ ਇਕੱਠ ਨਾਲ ਸ਼ੁਰੂ ਹੋਇਆ
ਜੀਵਨ ਦੇ ਮੂਲ ਸੋਮਿਆਂ ਦੀ ਸਫ਼ਾਈ ਅਤੇ ਸੁਰੱਖਿਆ ਅਜੋਕੀ ਖੇਤੀ ਦਾ ਮੰਤਵ ਹੋਵੇ : ਬਿਕਰਮ ਸਿੰਘ ਗਿੱਲ
ਲੁਧਿਆਣਾ 24 ਮਾਰਚ
ਪੰਜਾਬ ਐਗਰੀਕਚਰਲ ਯੂਨੀਵਰਸਿਟੀ ਵਿੱਚ ਅੱਜ ਸਾਉਣੀ ਦੀਆਂ ਫ਼ਸਲਾਂ ਲਈ ਕਿਸਾਨ ਮੇਲਾ ਸ਼ੁਰੂ ਹੋ ਗਿਆ । ਮੌਸਮ ਦੀ ਲੁਕਣ ਮੀਚੀ ਦੇ ਬਾਵਜੂਦ ਕਿਸਾਨਾਂ ਦੀ ਭਾਰੀ ਆਮਦ ਅਤੇ ਇਕੱਠ ਨੇ ਇਸ ਮੇਲੇ ਦੀ ਭਰਪੂਰਤਾ ਨੂੰ ਚਾਰ ਚੰਨ ਲਾਏ । ਮੇਲੇ ਵਿੱਚ ਅਮਰੀਕਾ ਦੀ ਕੈਨਸਾਸ ਰਾਜ ਯੂਨੀਵਰਸਿਟੀ ਦੇ ਪੌਦਾ ਰੋਗ ਮਾਹਿਰ ਅਤੇ ਕਣਕ ਦੇ ਬਾਦਸ਼ਾਹ ਕਹੇ ਜਾਣ ਵਾਲੇ ਵਿਗਿਆਨੀ ਡਾ. ਬਿਕਰਮ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਮੇਲੇ ਦੀ ਪ੍ਰਧਾਨਗੀ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ । ਵਿਸ਼ੇਸ਼ ਮਹਿਮਾਨ ਵਜੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨਰ ਡਾ. ਸੁਖਪਾਲ ਸਿੰਘ ਹਾਜ਼ਰ ਸਨ । ਇਸ ਤੋਂ ਇਲਾਵਾ ਪ੍ਰਬੰਧਕੀ ਬੋਰਡ ਦੇ ਮੈਂਬਰ ਸ਼੍ਰੀਮਤੀ ਕਿਰਨਜੋਤ ਕੌਰ ਗਿੱਲ, ਹਰਦਿਆਲ ਸਿੰਘ ਗਜ਼ਨੀਪੁਰ, ਅਮਨਪ੍ਰੀਤ ਸਿੰਘ ਬਰਾੜ ਨੇ ਵੀ ਸ਼ਿਕਰਤ ਕੀਤੀ । ਇਸ ਤੋਂ ਇਲਾਵਾ ਅਟਾਰੀ ਦੇ ਨਿਰਦੇਸ਼ਕ ਡਾ. ਪਰਮਿੰਦਰ. ਸ਼ੇਰੌਂ, ਪ੍ਰਸਿੱਧ ਫ਼ਸਲ ਵਿਗਿਆਨੀ ਡਾ. ਬੇਅੰਤ ਸਿੰਘ ਆਹਲੂਵਾਲੀਆ ਅਤੇ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ ਵੀ ਇਸ ਮੌਕੇ ਮੌਜੂਦ ਰਹੇ । ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਸ. ਬਿਕਰਮ ਸਿੰਘ ਗਿੱਲ ਨੇ ਕਿਹਾ ਕਿ ਖੇਤੀ ਸੰਸਾਰ ਦੇ ਸਭ ਤੋਂ ਪਵਿੱਤਰ ਕਿੱਤਿਆਂ ਵਿੱਚੋਂ ਇੱਕ ਹੈ । ਉਹਨਾਂ ਆਪਣੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਬਚਪਨ, ਸਿੱਖਿਆ ਅਤੇ ਅਮਰੀਕਾ ਜਾਣ ਦੀ ਗੱਲ ਕੀਤੀ । ਡਾ. ਗਿੱਲ ਨੇ ਅਜੋਕੀ ਕਿਸਾਨੀ ਲਈ ਵਿੱਦਿਆ ਹਾਸਲ ਕਰਨ ਦੀ ਲੋੜ ਨੂੰ ਦਿ੍ਰੜ ਕੀਤਾ ਅਤੇ ਕਿਹਾ ਕਿ ਕੈਨਸਾਸ ਰਾਜ ਪੰਜਾਬ ਵਾਂਗ ਕਣਕ ਦੀ ਪ੍ਰਧਾਨਤਾ ਵਾਲਾ ਖਿੱਤਾ ਹੈ ਪਰ ਉੱਥੋਂ ਦੇ ਕਿਸਾਨਾਂ ਨੇ ਖੇਤੀ ਸਿੱਖਿਆ ਨਾਲ ਆਪਣੇ ਸੰਬੰਧ ਮਜ਼ਬੂਤ ਕੀਤੇ ਹਨ । ਡਾ. ਗਿੱਲ ਨੇ ਦੱਸਿਆ ਕਿ ਉਹਨਾਂ ਨੇ ਕੈਨਸਾਸ ਵਿੱਚ ਮੁੱਢ ਕਣਕ ਅਤੇ ਜੰਗਲੀ ਕਿਸਮਾਂ ਤੇ ਖੋਜ ਕੀਤੀ ਅਤੇ ਅੱਜ ਦੀਆਂ ਕਿਸਮਾਂ ਵਿੱਚ ਉਹਨਾਂ ਦੇ ਜੀਨਾਂ ਨੂੰ ਸ਼ਾਮਿਲ ਕਰਨ ਦੇ ਵਿਗਿਆਨਕ ਨੁਕਤੇ ਉਭਾਰੇ ।
ਡਾ. ਬਿਕਰਮ ਸਿੰਘ ਗਿੱਲ ਨੇ ਕਣਕ ਦੀ ਖੇਤੀ ਨੂੰ ਰਵਾਇਤੀ ਲੀਹਾਂ ਦੇ ਨਾਲ-ਨਾਲ ਨਵੇਂ ਪ੍ਰਸੰਗਾਂ ਅਨੁਸਾਰ ਕਰਨ ਲਈ ਵੱਡਮੁੱਲੇ ਸੁਝਾਵ ਵੀ ਦਿੱਤੇ । ਉਹਨਾਂ ਕਿਹਾ ਕਿ ਅਸੀਂ ਕਣਕ ਦੀ ਬਿਜਾਈ ਬਿਨਾਂ ਅਗਾਊਂ ਮੰਤਵ ਦੇ ਕਰਦੇ ਹਾਂ ਜਦਕਿ ਕਣਕ ਦੀਆਂ ਕਿਸਮਾਂ ਦੀ ਭਿੰਨਤਾ ਇਸ ਫ਼ਸਲ ਦੇ ਵੱਖ-ਵੱਖ ਉਦੇਸ਼ਾਂ ਲਈ ਕਾਸ਼ਤ ਨਾਲ ਜੁੜੀ ਹੋਣੀ ਚਾਹੀਦੀ ਹੈ । ਉਹਨਾਂ ਕਿਹਾ ਕਿ ਰੋਟੀ ਬਨਾਉਣ ਵਾਲੀ ਕਣਕ, ਜੰਕ ਫੂਡ ਉਤਪਾਦਾਂ ਵਾਲੀ ਕਣਕ ਅਤੇ ਬਰੈੱਡ, ਡਬਲਰੋਟੀ ਵਰਗੇ ਉਤਪਾਦ ਤਿਆਰ ਕਰਨ ਵਾਲੀ ਕਣਕ ਵਿੱਚ ਭਿੰਨਤਾ ਹੋਣੀ ਲਾਜ਼ਮੀ ਹੈ । ਇਹਨਾਂ ਉਦੇਸ਼ਾਂ ਅਨੁਸਾਰ ਹੀ ਕਣਕ ਦੀ ਕਾਸ਼ਤ ਦਾ ਖਾਕ ਤਿਆਰ ਕਰਨ ਦੀ ਲੋੜ ਹੈ । ਉਹਨਾਂ ਨੇ ਖੇਤ ਤੋਂ ਥਾਲੀ ਤੱਕ ਸਾਰੀਆਂ ਧਿਰਾਂ ਨੂੰ ਇਕੱਤਰ ਹੋ ਕੇ ਖੇਤੀ ਨਾਲ ਸੰਬੰਧਤ ਮੁਸ਼ਕਿਲਾਂ ਵਿਚਾਰਨ ਬਾਰੇ ਕਿਹਾ । ਨਾਲ ਹੀ ਡਾ. ਗਿੱਲ ਨੇ ਅਜੋਕੇ ਦੌਰ ਵਿੱਚ ਫ਼ਸਲੀ ਵਿਭਿੰਨਤਾ ਅਤੇ ਪੌਸ਼ਟਿਕਤਾ ਦੀ ਲੋੜ ਲਈ ਕਣਕ ਦੀਆਂ ਕਿਸਮਾਂ ਦੀ ਖੋਜ ਦੀ ਵਕਾਲਤ ਕੀਤੀ । ਉਹਨਾਂ ਕਿਹਾ ਕਿ ਜੀਵਨ ਦੇ ਮੂਲ ਸੋਮੇ ਸਾਫ਼ ਅਤੇ ਸੁਰੱਖਿਅਤ ਰੱਖ ਕੇ ਹੀ ਮਨੁੱਖੀ ਨਸਲਾਂ ਦੀ ਰਾਖੀ ਕੀਤੀ ਜਾ ਸਕਦੀ ਹੈ । ਡਾ. ਗਿੱਲ ਨੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਸਖਤ ਕਦਮ ਪੁੱਟਣ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਪੀ.ਏ.ਯੂ. ਨੇ ਹਰੇ ਇਨਕਲਾਬ ਲਈ ਜੋ ਕੋਸ਼ਿਸ਼ਾਂ ਕੀਤੀਆਂ ਉਹਨਾਂ ਦੀ ਮਿਸਾਲ ਮਿਲਣੀ ਔਖੀ ਹੈ ।
ਪ੍ਰਧਾਨਗੀ ਭਾਸ਼ਣ ਵਿੱਚ ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਡਾਵਾਂਡੋਲ ਮੌਸਮ ਦੇ ਬਾਵਜੂਦ ਕਿਸਾਨਾਂ ਦੀ ਵਡੇਰੀ ਆਮਦ ਲਈ ਸਤਿਕਾਰ ਦੇ ਭਾਵ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਪੀ.ਏ.ਯੂ. ਅਤੇ ਕਿਸਾਨਾਂ ਦਾ ਸੰਬੰਧ ਅਤੁੱਟ ਅਤੇ ਪਕੇਰਾ ਹੈ ਅਤੇ ਇਹ 1967 ਤੋਂ ਲਗਾਤਾਰ ਇਹਨਾਂ ਕਿਸਾਨ ਮੇਲਿਆਂ ਦੇ ਆਯੋਜਨ ਤੋਂ ਹੀ ਬਣਿਆ ਹੋਇਆ ਹੈ । ਡਾ. ਗੋਸਲ ਨੇ ਦੱਸਿਆ ਕਿ ਇਹਨਾਂ ਮੇਲਿਆਂ ਦਾ ਉਦੇਸ਼ ‘ਆਓ ਖੇਤੀ ਖਰਚ ਘਟਾਈਏ-ਵਾਧੂ ਪਾਣੀ, ਖਾਦ ਨਾ ਪਾਈਏ’, ਰੱਖ ਕੇ ਕਿਸਾਨੀ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਕੋਸ਼ਿਸ਼ਾਂ ਕਰਨ ਦੀ ਪਹਿਲਕਦਮੀ ਯੂਨੀਵਰਸਿਟੀ ਨੇ ਕੀਤੀ ਹੈ । ਆਮਦਨ ਦੇ ਨਾਲ-ਨਾਲ ਖੇਤੀ ਖਰਚਿਆਂ ਨੂੰ ਕਾਬੂ ਕਰਨਾ ਅੱਜ ਦੀ ਸਭ ਤੋਂ ਅਹਿਮ ਜ਼ਰੂਰਤ ਹੈ । ਉਹਨਾਂ ਕਿਹਾ ਕਿ ਆਉਂਦੇ ਸਾਉਣੀ ਸੀਜ਼ਨ ਦੌਰਾਨ ਫ਼ਸਲੀ ਵਿਭਿੰਨਤਾ ਲਈ ਬਾਸਮਤੀ ਅਤੇ ਨਰਮੇ ਹੇਠ ਰਕਬਾ ਵਧਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਇਸ ਲਈ ਸਰਕਾਰ ਨੇ ਵੀ ਵਿਸ਼ੇਸ਼ ਕੋਸ਼ਿਸ਼ਾਂ ਆਰੰਭੀਆਂ ਹਨ । ਪੀ.ਏ.ਯੂ. ਵੱਲੋਂ ਸਿਫ਼ਾਰਸ਼ ਨਰਮੇ ਦੇ ਬੀਜ ਖਰੀਦਣ ਸਮੇਂ ਸਰਕਾਰ ਵੱਲੋਂ 33 ਪ੍ਰਤੀਸ਼ਤ ਸਬਸਿਡੀ ਐਲਾਨੀ ਗਈ ਹੈ । ਇਸੇ ਤਰ੍ਹਾਂ ਅਗੇਤੀ ਬਿਜਾਈ ਲਈ ਨਹਿਰੀ ਪਾਣੀ ਨੂੰ ਪਹਿਲੀ ਅਪ੍ਰੈਲ ਤੋਂ ਮੁਹੱਈਆ ਕਰਾਉਣ ਦੇ ਪ੍ਰਬੰਧ ਵੀ ਸਰਕਾਰੀ ਪੱਧਰ ਤੇ ਹੋ ਰਹੇ ਹਨ । ਹਰੇਕ ਪਿੰਡ ਵਿੱਚ ਪੀ.ਏ.ਯੂ. ਤੋਂ ਸਿਖਲਾਈ ਪ੍ਰਾਪਤ ਕਿਸਾਨ ਮਿੱਤਰ ਕਿਸਾਨਾਂ ਨੂੰ ਇਹਨਾਂ ਫ਼ਸਲਾਂ ਦੀ ਕਾਸ਼ਤ ਲਈ ਪ੍ਰੇਰਿਤ ਕਰੇਗਾ ।
ਡਾ. ਗੋਸਲ ਨੇ ਕਿਹਾ ਕਿ ਕਿਸਾਨਾਂ ਨੂੰ ਨਰਮਾ ਪੱਟੀ ਵਿੱਚ ਮੂੰਗੀ ਦੀ ਬਿਜਾਈ ਤੋਂ ਪਹਿਲਾਂ ਵਿਚਾਰ ਕਰਨਾ ਚਾਹੀਦਾ ਹੈ ਕਿ ਚਿੱਟੀ ਮੱਖੀ ਮੂੰਗੀ ਤੇ ਪਲਦੀ ਹੈ । ਉਹਨਾਂ ਨੇ ਬਾਸਮਤੀ ਦੇ ਮੰਡੀਕਰਨ ਲਈ ਸਰਕਾਰੀ ਭਰੋਸੇ ਤੇ ਵੀ ਤਸੱਲੀ ਪ੍ਰਗਟਾਈ । ਨਾਲ ਹੀ ਬਾਸਮਤੀ ਉੱਪਰ ਕੀਟਨਾਸ਼ਕਾਂ ਦੀ ਵਰਤੋਂ ਸਮੇਂ ਪੀ.ਏ.ਯੂ. ਮਾਹਿਰਾਂ ਦੀਆਂ ਤਜਵੀਜ਼ਾਂ ਧਿਆਨ ਵਿੱਚ ਰੱਖਣ ਦੀ ਅਪੀਲ ਕਿਸਾਨਾਂ ਨੂੰ ਕੀਤੀ । ਪਰਾਲੀ ਦੀ ਸੰਭਾਲ ਬਾਰੇ ਵਾਈਸ ਚਾਂਸਲਰ ਨੇ ਕਿਹਾ ਕਿ ਯੂਨੀਵਰਸਿਟੀ ਖੋਜਾਂ ਅਨੁਸਾਰ ਪਰਾਲੀ ਨੂੰ ਖੇਤ ਵਿੱਚ ਸੰਭਾਲਣ ਨਾਲ ਜੈਵਿਕ ਮਾਦੇ ਵਿੱਚ ਭਰਪੂਰ ਵਾਧਾ ਦੇਖਿਆ ਗਿਆ । ਉਹਨਾਂ ਨੇ ਬਹਾਰ ਰੁੱਤ ਦੀ ਮੱਕੀ ਦੀ ਕਾਸ਼ਤ, ਤੁਪਕਾ ਸਿੰਚਾਈ ਵਿਧੀ ਨਾਲ ਹੀ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ । ਨਾਲ ਹੀ ਸੌਰ ਊਰਜਾ ਵਿੱਚ ਵਾਧੇ ਲਈ ਕੋਸ਼ਿਸ਼ਾਂ ਦੀ ਲੋੜ ਤੇ ਵੀ ਜ਼ੋਰ ਦਿੱਤਾ । ਡਾ. ਗੋਸਲ ਨੇ ਪੀ.ਏ.ਯੂ. ਦੀਆਂ ਕਿਸਮਾਂ ਵਿੱਚ ਕਣਕ ਦੀ ਕਿਸਮ ਪੀ ਬੀ ਡਬਲਯੂ. 826, ਝੋਨੇ ਦੀ ਕਿਸਮ ਪੀ ਆਰ-126 ਅਤੇ ਆਲੂਆਂ ਦੀਆਂ ਕਿਸਮਾਂ ਪੰਜਾਬ ਪਟੈਟੋ-101 ਅਤੇ 102 ਦੀ ਕਾਸ਼ਤ ਲਈ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ । ਉਹਨਾਂ ਕਿਹਾ ਕਿ ਸੰਯੁਕਤ ਖੇਤੀ ਪ੍ਰਣਾਲੀ ਅਪਣਾ ਕੇ ਛੋਟੇ ਕਿਸਾਨਾਂ ਦੇ ਜੀਵਨ ਪੱਧਰ ਵਿੱਚ ਗੁਣਾਤਮਕ ਸੁਧਾਰ ਲਈ ਪੀ.ਏ.ਯੂ. ਦੀ ਸਿਫ਼ਾਰਸ਼ ਅਪਨਾਉਣੀ ਚਾਹੀਦੀ ਹੈ । ਉਹਨਾਂ ਨੇ ਯੂਨੀਵਰਸਿਟੀ ਮਾਹਿਰਾਂ ਵੱਲੋਂ ਸਥਾਪਿਤ 300 ਤੋਂ ਵੱਧ ਖੇਤੀ ਉਦਯੋਗ ਇਕਾਈਆਂ ਦਾ ਜ਼ਿਕਰ ਕੀਤਾ ਅਤੇ ਨਾਲ ਹੀ ਪਸਾਰ ਕਾਰਜਾਂ ਲਈ ਅਪਨਾਈਆ ਜਾ ਰਹੀਆਂ ਹਨ । ਨਾਲ ਹੀ ਉਹਨਾਂ ਨੇ ਆਨਲਾਈਨ ਤਰੀਕਿਆਂ ਨਾਲ ਯੂਨੀਵਰਸਿਟੀ ਸੇਵਾਵਾਂ ਦੇ ਧਾਰਨੀ ਬਣਨ ਅਤੇ ਖੇਤੀ ਮੁਹਾਰਤ ਸਿਖਲਾਈਆਂ ਨਾਲ ਜੁੜਨ ਲਈ ਕਿਸਾਨਾਂ ਨੂੰ ਕਿਹਾ । ਅੰਤ ਵਿੱਚ ਡਾ. ਗੋਸਲ ਨੇ ਹਾੜੀ ਦੀ ਆਉਂਦੀ ਫ਼ਸਲ ਲਈ ਸ਼ੁਭਕਾਮਨਾਵਾਂ ਦਿੱਤੀਆਂ ।
ਖੇਤੀਬਾੜੀ ਅਤੇ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਪੰਜਾਬ ਦੀ ਖੇਤੀ ਨੀਤੀ ਦੇ ਨਿਰਮਾਣ ਬਾਰੇ ਭਰਵੀਆਂ ਗੱਲਾਂ ਕੀਤੀਆਂ । ਉਹਨਾਂ ਕਿਹਾ ਕਿ ਇਸ ਸੰਬੰਧ ਵਿੱਚ ਸਰਕਾਰ ਵੱਲੋਂ ਗਿਆਰਾਂ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ । ਡਾ. ਸੁਖਪਾਲ ਨੇ ਕਿਹਾ ਕਿ ਪੰਜਾਬ ਦੁਨੀਆਂ ਦਾ ਸਭ ਤੋਂ ਵੱਧ ਝਾੜ ਦੇਣ ਵਾਲਾ ਕਾਸ਼ਤਕਾਰ ਖਿੱਤਾ ਹੈ । ਇਸ ਦੇ ਬਾਵਜੂਦ ਖੇਤੀ ਵਿੱਚ ਅਸੰਖ ਸਮੱਸਿਆਵਾਂ ਹਨ । ਕਿਸਾਨ ਕਰਜ਼ਾਈ ਹੈ, ਖੇਤੀ ਤੋਂ ਬਾਹਰ ਹੋ ਰਿਹਾ ਹੈ ਅਤੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ । ਇਹਨਾਂ ਸੰਕਟਾਂ ਦਾ ਕਾਰਨ ਕਿਸੇ ਢੁੱਕਵੀਂ ਖੇਤੀ ਨੀਤੀ ਦੀ ਅਣਹੋਂਦ ਹੈ । ਡਾ. ਸੁਖਪਾਲ ਨੇ ਇਸ ਦਿਸ਼ਾ ਵਿੱਚ ਕਿਸਾਨਾਂ ਅਤੇ ਮਾਹਿਰਾਂ ਕੋਲੋਂ ਸਹਿਯੋਗ ਅਤੇ ਸੁਝਾਵਾਂ ਦੀ ਮੰਗ ਕੀਤੀ ਤਾਂ ਜੋ ਪਾਏਦਾਰ ਖੇਤੀ ਨੀਤੀ ਬਣਾ ਕੇ ਕਿਸਾਨੀ ਦੀ ਭਲਾਈ ਲਈ ਯਤਨ ਕੀਤੇ ਜਾ ਸਕਣ।
ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਇਸ ਸਮਾਰੋਹ ਵਿੱਚ ਯੂਨੀਵਰਸਿਟੀ ਦੀਆਂ ਖੋਜ ਸਿਫ਼ਾਰਸ਼ਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆ । ਉਹਨਾਂ ਨੇ ਨਵੀਆਂ ਕਿਸਮਾਂ, ਉਤਪਾਦਨ ਅਤੇ ਪੌਦ ਸੁਰੱਖਿਆ ਤਕਨੀਕਾਂ ਦਾ ਵੇਰਵਾ ਦਿੱਤਾ ਜੋ ਆਉਂਦੀ ਸਾਉਣੀ ਵਿੱਚ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਜਾ ਰਹੀਆਂ ਹਨ । ਉਹਨਾਂ ਦੱਸਿਆ ਕਿ ਹੁਣ ਤੱਕ 900 ਤੋਂ ਵਧੇਰੇ ਕਿਸਮਾਂ ਵਿਕਸਿਤ ਕਰਕੇ ਪੀ.ਏ.ਯੂ. ਮਾਹਿਰਾਂ ਨਾਲ ਕਿਸਾਨਾਂ ਤੱਕ ਪਹੁੰਚਾਈਆਂ ਹਨ । ਇਸ ਤੋਂ ਇਲਾਵਾ ਮਸ਼ੀਨਰੀ ਅਤੇ ਉਤਪਾਦਨ ਦੀਆਂ ਵਿਧੀਆਂ ਵੀ ਸਮੇਂ-ਸਮੇਂ ਕਾਸ਼ਤਕਾਰ ਤੱਕ ਪਹੁੰਚਾਉਣ ਵਿੱਚ ਯੂਨੀਵਰਸਿਟੀ ਯਤਨਸ਼ੀਲ ਰਹਿੰਦੀ ਹੈ । ਉਹਨਾਂ ਨੇ ਮੱਕੀ ਦੀ ਨਵੀਂ ਕਿਸਮ ਪੀ ਐੱਮ ਐੱਚ-14 ਦਾ ਜ਼ਿਕਰ ਕੀਤਾ ਜੋ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀ ਜਾ ਰਹੀ ਹੈ । ਸੇਬ ਦੀਆਂ ਦੋ ਕਿਸਮਾਂ ਡੌਰਸੈਟ ਗੋਲਡਨ ਅਤੇ ਅੰਨਾ ਤੋਂ ਇਲਾਵਾ ਮਾਲਟੇ ਦੀ ਇੱਕ ਕਿਸਮ, ਆਲੂ ਦੀਆਂ ਦੋ ਕਿਸਮਾਂ ਅਤੇ ਪੰਜਾਬ ਹਿੰਮਤ ਬੈਂਗਣਾਂ ਦੀ ਕਿਸਮ ਦਾ ਉਲੇਖ ਨਿਰਦੇਸ਼ਕ ਖੋਜ ਨੇ ਕੀਤਾ । ਉਹਨਾਂ ਨੇ ਧਨੀਆਂ ਦੀ ਕਿਸਮ ਪੰਜਾਬ ਖੁਸ਼ਬੂ ਅਤੇ ਭਿੰਡੀ ਦੀ ਕਿਸਮ ਪੰਜਾਬ ਲਾਲੀਮਾ ਤੋਂ ਇਲਾਵਾ ਗੁਆਰਾ, ਗੁਲਦਾਉਦੀ, ਸਫ਼ੈਦਾ, ਡੇਕ ਅਤੇ ਸਲਾਦ ਦੀ ਨਵੀਂ ਕਿਸਮ ਤਰਵੰਗਾ ਦਾ ਵੀ ਜ਼ਿਕਰ ਕੀਤਾ ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸ. ਮਨਦੀਪ ਸਿੰਘ ਸਿੱਧੂ ਨੇ ਇਸ ਮੌਕੇ ਕਿਸਾਨਾਂ ਨਾਲ ਕੁਝ ਸ਼ਬਦ ਸਾਂਝੇ ਕਰਦਿਆਂ ਇਸ ਮੇਲੇ ਦੀ ਮਹੱਤਤਾ ਨੂੰ ਉਜਾਗਰ ਕੀਤਾ ।
ਸਵਾਗਤ ਦੇ ਸ਼ਬਦ ਨਿਰਦੇਸ਼ਕ ਪਸਾਰ ਸਿੱਖਿਆ ਡਾ. ਗੁਰਮੀਤ ਸਿੰਘ ਬੁੱਟਰ ਨੇ ਕਹੇ । ਉਹਨਾਂ ਨੇ ਸੱਤ ਮੇਲਿਆਂ ਦੀ ਲੜੀ ਦੇ ਆਖਰੀ ਮੇਲੇ ਵਿੱਚ ਪੁੱਜੇ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਸਵਾਗਤ ਕੀਤਾ । ਇਸ ਮੌਕੇ ਪੰਜ ਕਿਸਾਨਾਂ ਨੂੰ ਖੇਤੀ ਵਿੱਚ ਕੀਤੇ ਅਗਾਂਹਵਧੂ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚ ਸ. ਜਤਿੰਦਰ ਸਿੰਘ ਨੂੰ ਮੁੱਖ ਮੰਤਰੀ ਪੁਰਸਕਾਰ, ਸ. ਗੁਰਵਿੰਦਰ ਸਿੰਘ ਸੋਹੀ ਨੂੰ ਬਾਗਬਾਨੀ ਲਈ ਮੁੱਖ ਮੰਤਰੀ ਪੁਰਸਕਾਰ, ਸ. ਸੁਖਦੇਵ ਸਿੰਘ ਨੂੰ ਖੇਤੀ ਵਿਭਿੰਨਤਾ ਲਈ ਬੀਬੀ ਪ੍ਰਕਾਸ਼ ਕੌਰ ਸਰਾਂ ਪੁਰਸਕਾਰ ਅਤੇ ਸ. ਜਗਦੀਪ ਸਿੰਘ ਅਤੇ ਸ. ਕਸ਼ਮੀਰਾ ਸਿੰਘ ਨੂੰ ਸੀ ਆਰ ਪੰਪਜ਼ ਪੁਰਸਕਾਰ ਪ੍ਰਦਾਨ ਕੀਤੇ ਗਏ । ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਯਾਦਗਾਰੀ ਚਿੰਨਾਂ ਨਾਲ ਸਨਮਾਨ ਵੀ ਯੂਨੀਵਰਸਿਟੀ ਦੀ ਤਰਫੋਂ ਹੋਇਆ ।
ਸਮਾਰੋਹ ਦਾ ਸੰਚਾਲਨ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕੀਤਾ। ਉਹਨਾਂ ਨੇ ਕਿਸਾਨਾਂ ਨੂੰ ਯੂਨੀਵਰਸਿਟੀ ਨਾਲ ਡਿਜ਼ੀਟਲ ਅਖਬਾਰ ਖੇਤੀ ਸੰਦੇਸ਼, ਪੀ.ਏ.ਯੂ. ਲਾਈਵ ਦੇ ਜ਼ਰੀਏ ਲਗਾਤਾਰ ਜੁੜਨ ਰਹਿਣ ਦੀ ਅਪੀਲ ਕੀਤੀ ।
ਮੇਲੇ ਦੌਰਾਨ ਭਾਰੀ ਗਿਣਤੀ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਖੇਤੀ ਨਾਲ ਸੰਬੰਧਿਤ ਸਮੱਗਰੀ, ਮਸ਼ੀਨਰੀ, ਸਾਹਿਤ ਅਤੇ ਹੋਰ ਵਸਤਾਂ ਦੀਆਂ ਪ੍ਰਦਰਸ਼ਨੀਆਂ ਅਤੇ ਸਟਾਲਾਂ ਲਗਾਈਆਂ ਗਈਆਂ ਸਨ ।
Chandigarh TodayDear Friends, Chandigarh Today launches new logo animation for its web identity. Please view, LIKE and share. Best Regards http://chandigarhtoday.org
Posted by Surinder Verma on Tuesday, June 23, 2020