Union Minister for Labour & Employment and Environment, Forest & Climate Change Bhupender Yadav visits Vulture Conservation and Breeding Centre, Pinjore
ਪ੍ਰੈੱਸ ਇਨਫਰਮੇਸ਼ਨ ਬਿਊਰੋ
ਭਾਰਤ ਸਰਕਾਰ
ਚੰਡੀਗੜ੍ਹ
ਕੇਂਦਰੀ ਕਿਰਤ ਤੇ ਰੋਜ਼ਗਾਰ ਅਤੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਗਿੱਧਾਂ ਦੀ ਸੰਭਾਲ਼ ਅਤੇ ਪ੍ਰਜਨਨ ਕੇਂਦਰ, ਪਿੰਜੌਰ ਦਾ ਦੌਰਾ ਕੀਤਾ
ਬਰੀਡਿੰਗ ਤੋਂ ਬਾਅਦ ਗਿੱਧਾਂ ਨੂੰ ਜੰਗਲ ਵਿੱਚ ਛੱਡਿਆ ਜਾ ਸਕਦਾ ਹੈ- ਭੁਪੇਂਦਰ ਯਾਦਵ
ਚੰਡੀਗੜ੍ਹ, 20 ਫਰਵਰੀ, 2023
ਸ਼੍ਰੀ ਭੂਪੇਂਦਰ ਯਾਦਵ, ਕੇਂਦਰੀ ਕਿਰਤ ਅਤੇ ਰੋਜ਼ਗਾਰ ਅਤੇ ਵਾਤਾਵਰਣ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ, ਭਾਰਤ ਸਰਕਾਰ ਨੇ ਅੱਜ ਗਿਰਝ ਸੰਭਾਲ਼ ਅਤੇ ਪ੍ਰਜਨਨ ਕੇਂਦਰ, ਪਿੰਜੌਰ ਦਾ ਦੌਰਾ ਕੀਤਾ। ਮੰਤਰੀ ਨੇ ਕਿਹਾ ਹੈ ਕਿ ਗਿੱਧਾਂ ਨੂੰ ਪ੍ਰਜਨਨ ਤੋਂ ਬਾਅਦ ਜੰਗਲ ਵਿੱਚ ਛੱਡਿਆ ਜਾ ਸਕਦਾ ਹੈ। ਉਨ੍ਹਾਂ ਨੇ ਜਟਾਯੂ ਵਲਚਰ ਕਨਜ਼ਰਵੇਸ਼ਨ ਬਰੀਡਿੰਗ ਸੈਂਟਰ ਦੇ ਵਿਕਾਸ ਲਈ ਟੈਕਨੀਕਲ ਅਤੇ ਵਿੱਤੀ ਸਹਾਇਤਾ ਦਾ ਵੀ ਭਰੋਸਾ ਦਿੱਤਾ।
ਸਾਲ 2023-24 ਦੌਰਾਨ ਓਰੀਐਂਟਲ ਵ੍ਹਾਈਟ-ਬੈਕਡ ਗਿੱਧਾਂ ਨੂੰ ਜੰਗਲ ਵਿੱਚ ਛੱਡਣ ਦਾ ਪ੍ਰਸਤਾਵ ਹੈ। ਛੱਡੇ ਗਏ ਪੰਛੀਆਂ ਦੀ ਘੱਟੋ-ਘੱਟ ਇੱਕ ਸਾਲ ਲਈ ਸੈਟੇਲਾਈਟ ਟ੍ਰਾਂਸਮੀਟਰਾਂ ਨਾਲ ਨੇੜਿਓਂ ਨਿਗਰਾਨੀ ਕੀਤੀ ਜਾਵੇਗੀ ਅਤੇ ਕਿਸੇ ਵੀ ਵਿਵਹਾਰ ਸੰਬੰਧੀ ਸਮੱਸਿਆਵਾਂ ਦਾ ਪਤਾ ਲਗਾਇਆ ਜਾਵੇਗਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਜੰਗਲੀ ਸਥਿਤੀਆਂ ਦੇ ਅਨੁਕੂਲ ਹਨ ਅਤੇ ਇਹ ਕਿ ਡਾਇਕਲੋਫੇਨਾਕ ਜ਼ਹਿਰ ਕਾਰਨ ਕੋਈ ਮੌਤ ਨਹੀਂ ਹੋਈ ਹੈ। ਇਸ ਤੋਂ ਬਾਅਦ ਹਰ ਸਾਲ ਬਾਕਾਇਦਾ ਪੰਛੀਆਂ ਨੂੰ ਜੰਗਲ ਵਿੱਚ ਛੱਡਿਆ ਜਾਵੇਗਾ।
ਜਟਾਯੂ ਵਲਚਰ ਕਨਜ਼ਰਵੇਸ਼ਨ ਬ੍ਰੀਡਿੰਗ ਸੈਂਟਰ (ਜੇਸੀਬੀਸੀ) ਦੀ ਸਥਾਪਨਾ ਭਾਰਤ ਦੇ ਪੂਰਬੀ ਚਿੱਟੇ-ਪਿੱਠ ਵਾਲੇ, ਲੰਬੇ-ਬਿਲ ਵਾਲੇ ਅਤੇ ਪਤਲੇ-ਬਿਲ ਵਾਲੇ ਗਿਰਝਾਂ (ਗਿੱਧਾਂ) ਦੀਆਂ ਤਿੰਨ ਪ੍ਰਜਾਤੀਆਂ ਦੀ ਆਬਾਦੀ ਵਿੱਚ ਨਾਟਕੀ ਗਿਰਾਵਟ ਦੀ ਜਾਂਚ ਕਰਨ ਲਈ ਕੀਤੀ ਗਈ ਸੀ। ਇਹ ਹਰਿਆਣਾ ਜੰਗਲਾਤ ਵਿਭਾਗ ਅਤੇ ਬੌਂਬੇ ਨੈਚੂਰਲ ਹਿਸਟਰੀ ਸੋਸਾਇਟੀ ਦੇ ਦਰਮਿਆਨ ਇੱਕ ਸਹਿਯੋਗੀ ਪਹਿਲ ਹੈ। ਕੇਂਦਰ ਦਾ ਮੁੱਖ ਉਦੇਸ਼ ਵਲਚਰ ਦੀਆਂ 3 ਕਿਸਮਾਂ ਵਿੱਚੋਂ ਹਰੇਕ ਦੇ 25 ਜੋੜਿਆਂ ਦੀ ਸੰਸਥਾਪਕ ਆਬਾਦੀ ਸਥਾਪਿਤ ਕਰਨਾ ਅਤੇ ਘੱਟੋ ਘੱਟ 200 ਪੰਛੀਆਂ ਦੀ ਆਬਾਦੀ ਪੈਦਾ ਕਰਨਾ ਹੈ। ਹਰੇਕ ਸਪੀਸੀਜ਼ ਨੂੰ 15 ਸਾਲਾਂ ਵਿੱਚ ਜੰਗਲ ਵਿੱਚ ਦੁਬਾਰਾ ਪੇਸ਼ ਕੀਤਾ ਜਾਵੇਗਾ।
ਸ਼੍ਰੀ ਪੰਕਜ ਗੋਇਲ, ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਆਵੑ ਫੌਰੈਸਟ (ਵਾਈਲਡਲਾਈਫ) ਹਰਿਆਣਾ ਵਣ ਵਿਭਾਗ ਨੇ ਕਿਹਾ ਕਿ ਕੇਂਦਰ ਨੇ ਦੇਸ਼ ਭਰ ਵਿੱਚ ਪਸ਼ੂਆਂ ਦੀਆਂ ਲਾਸ਼ਾਂ ਦੇ ਨਮੂਨੇ ਲੈ ਕੇ ਗਿਰਝਾਂ ਲਈ ਜ਼ਹਿਰੀਲੀਆਂ ਦਵਾਈਆਂ, ਖਾਸ ਤੌਰ ‘ਤੇ ਵੈਟਰਨਰੀ ਮੈਡੀਸਨ ਵਿੱਚ ਡਾਈਕਲੋਫੇਨਾਕ ਦੇ ਪ੍ਰਸਾਰ ਦੀ ਨਿਗਰਾਨੀ ਕਰਕੇ ਜੰਗਲਾਂ ਵਿੱਚ ਗਿੱਧਾਂ ਲਈ ਵਾਤਾਵਰਣ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੇ ਯਤਨ ਜਾਰੀ ਰੱਖੇ ਹਨ। ਇਹ ਕੇਂਦਰ ਕੇਂਦਰੀ ਚਿੜੀਆਘਰ ਅਥਾਰਿਟੀ ਦੇ ਚਿੜੀਆਘਰਾਂ ਨੂੰ ਵਲਚਰ ਕੰਜ਼ਰਵੇਸ਼ਨ ਬਰੀਡਿੰਗ ਪ੍ਰੋਗਰਾਮ ਲਈ ਤਾਲਮੇਲ ਕਰ ਰਿਹਾ ਹੈ। ਕੇਂਦਰ ਨੂੰ ਕੇਂਦਰੀ ਚਿੜੀਆਘਰ ਅਥਾਰਿਟੀ ਤੋਂ ਟੈਕਨੀਕਲ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੋਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੰਗਲੀ ਜੀਵ ਟੂਰਿਜ਼ਮ ਦੇ ਪ੍ਰਚਾਰ ਅਤੇ ਵਿਕਾਸ ਲਈ ਅਤੇ ਵਿਦਿਆਰਥੀਆਂ ਵਿੱਚ ਜੰਗਲੀ ਜੀਵਾਂ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਦੂਸਰੇ ਰਾਜਾਂ ਤੋਂ ਵਿਭਿੰਨ ਪ੍ਰਜਾਤੀਆਂ ਦੇ ਵਿਦੇਸ਼ੀ ਪੰਛੀਆਂ ਅਤੇ ਜਾਨਵਰਾਂ ਨੂੰ ਹਰਿਆਣਾ ਰਾਜ ਦੇ ਪਿੱਪਲੀ, ਰੋਹਤਕ ਅਤੇ ਭਿਵਾਨੀ ਚਿੜੀਆਘਰ ਵਿੱਚ ਲਿਆਂਦਾ ਜਾ ਰਿਹਾ ਹੈ।
ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਵੑ ਫੌਰੈਸਟ
(ਐੱਚਓਐੱਫਐੱਫ), ਵਣ ਵਿਭਾਗ, ਹਰਿਆਣਾ ਸ਼੍ਰੀ ਜਗਦੀਸ਼ ਚੰਦਰ ਨੇ ਕਿਹਾ ਕਿ ਕੇਂਦਰ ਦੇਸ਼ ਵਿੱਚ ਹੋਰ ਗਿਰਝਾਂ ਦੀ ਸੰਭਾਲ਼ ਲਈ ਪ੍ਰਜਨਨ ਸੁਵਿਧਾਵਾਂ ਲਈ ਗਿਰਝਾਂ ਦਾ ਸੰਸਥਾਪਕ ਸਟਾਕ ਵੀ ਉਪਲਬਧ ਕਰੇਗਾ।
ਇਸ ਅਵਸਰ ‘ਤੇ ਕੇਂਦਰੀ ਕਿਰਤ ਤੇ ਰੋਜ਼ਗਾਰ ਅਤੇ ਵਾਤਾਵਰਣਕ ਵਣ ਅਤੇ ਜਲਵਾਯੂ ਪਰਿਵਤਰਨ ਮੰਤਰੀ ਨੂੰ ਹਰਿਆਣਾ ਵਣ ਵਿਭਾਗ ਅਤੇ ਅਧਿਕਾਰੀਆਂ ਦੇ ਦੁਆਰਾ ਯਾਦਗਾਰੀ ਚਿੰਨ੍ਹਾ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।